ਕੈਨੇਡਾ ਦੀ ਸਿਹਤ ਸੰਭਾਲ ਪ੍ਰਣਾਲੀ ਗੰਭੀਰ ਸੰਕਟ ’ਚ ਘਿਰੀ
ਕੈਨੇਡਾ ਦੀ ਸਿਹਤ ਸੰਭਾਲ ਪ੍ਰਣਾਲੀ ਇਸ ਸਮੇਂ ਗੰਭੀਰ ਸੰਕਟ ਵਿਚ ਘਿਰੀ ਹੋਈ ਹੈ। ਇੱਕ ਪਾਸੇ ਜਿੱਥੇ ਕੈਨੇਡਾ ਦੇ ਆਪਣੇ ਨਾਗਰਿਕ ਹਸਪਤਾਲਾਂ ਦੀਆਂ ਲੰਬੀਆਂ ਲਾਈਨਾਂ ਵਿੱਚ ਘੰਟਿਆਂਬੱਧੀ ਇੰਤਜ਼ਾਰ ਕਰ ਰਹੇ ਹਨ ਅਤੇ ਫੂਡ ਬੈਂਕਾਂ ’ਤੇ ਨਿਰਭਰਤਾ ਵਧ ਰਹੀ ਹੈ, ਉੱਥੇ ਹੀ ਸਰਕਾਰ ਵੱਲੋਂ ਸ਼ਰਨਾਰਥੀ ਦਾਅਵੇਦਾਰਾਂ ਲਈ ਚਲਾਏ ਜਾ ਰਹੇ ‘ਇੰਟਰਿਮ ਫੈਡਰਲ ਹੈਲਥ ਪ੍ਰੋਗਰਾਮ’ ਉਤੇ ਹੋ ਰਿਹਾ ਖ਼ਰਚਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਤਾਜ਼ਾ ਅੰਕੜਿਆਂ ਅਨੁਸਾਰ, ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਇਸ ਪ੍ਰੋਗਰਾਮ ਰਾਹੀਂ ਸ਼ਰਨਾਰਥੀਆਂ ਦੀਆਂ ਸਿਹਤ ਸੇਵਾਵਾਂ ਲਈ ਰੋਜ਼ਾਨਾ ਲਗਭਗ 2.2 ਮਿਲੀਅਨ ਡਾਲਰ ਖ਼ਰਚ ਕਰ ਰਹੀ ਹੈ। ਪਾਰਲੀਮੈਂਟਰੀ ਬਜਟ ਦਫਤਰ ਦੀ ਰਿਪੋਰਟ ਮੁਤਾਬਕ, 2020-21 ਵਿੱਚ ਇਹ ਖ਼ਰਚ 211 ਮਿਲੀਅਨ ਡਾਲਰ ਸੀ, ਜੋ ਕਿ 2025-26 ਤੱਕ ਵਧ ਕੇ ਕਰੀਬ 1 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ।
2030 ਤੱਕ ਇਸ ਦੇ 1.5 ਬਿਲੀਅਨ ਡਾਲਰ ਤੋਂ ਵੱਧ ਜਾਣ ਦੀ ਸੰਭਾਵਨਾ ਹੈ। ਇਸ ਵਾਧੇ ਦਾ ਮੁੱਖ ਕਾਰਨ ਕੈਨੇਡਾ ਆਉਣ ਵਾਲੇ ਸ਼ਰਨਾਰਥੀ ਦਾਅਵੇਦਾਰਾਂ ਦੀ ਵਧਦੀ ਗਿਣਤੀ ਅਤੇ ਕੇਸਾਂ ਦੇ ਨਿਪਟਾਰੇ ਵਿੱਚ ਹੋ ਰਹੀ ਦੇਰੀ ਹੈ। ਇਸ ਮੁੱਦੇ ’ਤੇ ਦੋ ਵੱਖ-ਵੱਖ ਪੱਖ ਸਾਹਮਣੇ ਆਏ ਹਨ। ਇੱਕ ਪੱਖ ਦਾ ਮੰਨਣਾ ਹੈ ਕਿ ਜਦੋਂ ਦੇਸ਼ ਦੇ ਟੈਕਸਦਾਤਾ ਖ਼ੁਦ ਸਿਹਤ ਸੇਵਾਵਾਂ ਲਈ ਤਰਸ ਰਹੇ ਹਨ, ਤਾਂ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਮੁਫ਼ਤ ਅਤੇ ਵਿਆਪਕ ਸਿਹਤ ਸਹੂਲਤਾਂ ਦੇਣਾ ਬੇਇਨਸਾਫ਼ੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਇੱਕ ‘ਦੋ-ਪੱਧਰੀ ਪ੍ਰਣਾਲੀ’ ਬਣ ਗਈ ਹੈ, ਜਿੱਥੇ ਕੁਝ ਸਹੂਲਤਾਂ ਸ਼ਰਨਾਰਥੀਆਂ ਨੂੰ ਉਨ੍ਹਾਂ ਨਾਗਰਿਕਾਂ ਨਾਲੋਂ ਵੀ ਜ਼ਿਆਦਾ ਮਿਲ ਰਹੀਆਂ ਹਨ ਜੋ ਸਿਸਟਮ ਨੂੰ ਚਲਾਉਣ ਲਈ ਟੈਕਸ ਭਰਦੇ ਹਨ।
ਇਸੇ ਦੌਰਾਨ ਮਾਹਿਰਾਂ ਅਤੇ ਡਾਕਟਰਾਂ ਦੇ ਸਮੂਹ ਦਾ ਤਰਕ ਹੈ ਕਿ ਸ਼ਰਨਾਰਥੀ ਅਤਿ ਸਹਿਮੇ ਹੋਏ ਅਤੇ ਕਮਜ਼ੋਰ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਲੋਕਾਂ ਨੂੰ ਸ਼ੁਰੂਆਤੀ ਅਤੇ ਜ਼ਰੂਰੀ ਇਲਾਜ ਨਹੀਂ ਮਿਲਿਆ, ਤਾਂ ਭਵਿੱਖ ਵਿੱਚ ਉਨ੍ਹਾਂ ਦੀ ਹਾਲਤ ਵਿਗੜ ਜਾਵੇਗੀ, ਜਿਸ ਨਾਲ ਐਮਰਜੈਂਸੀ ਰੂਮਾਂ ’ਤੇ ਬੋਝ ਹੋਰ ਵਧੇਗਾ ਅਤੇ ਸਰਕਾਰ ਦਾ ਖ਼ਰਚਾ ਵੀ ਜ਼ਿਆਦਾ ਹੋਵੇਗਾ। ਕੈਨੇਡਾ ਸਰਕਾਰ ਨੇ ਇਸ ਖ਼ਰਚੇ ਨੂੰ ਸੰਤੁਲਿਤ ਕਰਨ ਲਈ ਮਈ 2026 ਤੋਂ ਕੁਝ ਬਦਲਾਅ ਕੀਤੇ ਹਨ। ਹੁਣ ਸ਼ਰਨਾਰਥੀਆਂ ਨੂੰ ਦਵਾਈਆਂ ਲਈ 4 ਡਾਲਰ ਅਤੇ ਹੋਰ ਸਹਾਇਕ ਸਿਹਤ ਸੇਵਾਵਾਂ ਲਈ 30% ਖ਼ੁਦ ਭਰਨਾ ਹੋਵੇਗਾ, ਹਾਲਾਂਕਿ ਹਸਪਤਾਲ ਅਤੇ ਡਾਕਟਰ ਦੀਆਂ ਮੁਲਾਕਾਤਾਂ ਅਜੇ ਵੀ ਮੁਫ਼ਤ ਰਹਿਣਗੀਆਂ।
Originally published in Frequency News on November 23, 2026: original article

No comments yet
Comments are closed.