ਕੈਨੇਡਾ ਦੇ ਪੱਤਰਕਾਰਾਂ ਦੇ ਸਲਾਨਾ ਡਿਨਰ ’ਚ ਮਾਰਕ ਕਾਰਨੀ ਅਤੇ ਡੋਨਾਲਡ ਟਰੰਪ ਦੇ ਹਮਸ਼ਕਲ ਨੇ ਜਮਾਇਆ ਰੰਗ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪੱਤਰਕਾਰਾਂ ਦੇ ਸਲਾਨਾ ਡਿਨਰ ਵਿਚ ਕਾਮੇਡੀਅਨਾਂ ਨਾਲ ਸਟੇਜ ਸਾਂਝੀ ਕੀਤੀ। ਇਸ ਦੌਰਾਨ ਇਕ ਕਲਾਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਕਲ ਕੀਤੀ, ਜਦੋਂ ਕਿ ਇਕ ਹੋਰ ਕਲਾਕਾਰ ਨੇ ਮਾਰਕ ਕਾਰਨੀ ਦੀ ਨਕਲ ਕੀਤੀ। ਇਨ੍ਹਾਂ ਕਲਾਕਾਰਾਂ ਨਾਲ ਮਿਲ ਕੇ ਕਾਰਨੀ ਨੇ ਟਰੰਪ ਅਤੇ ਕੈਨੇਡੀਅਨ ਆਗੂਆਂ ’ਤੇ ਹਾਸੋਹੀਣੇ ਤਨਜ ਕੱਸੇ। ਕਾਰਨੀ ਨੇ ਕਿਹਾ ਕਿ ਮੈਂ ਐਮਰਜੈਂਸੀ ਕਾਮੇਡੀ ਬਟਨ ਦਬਾ ਰਿਹਾ ਹਾਂ। ਇਸ ਮਗਰੋਂ ਕਾਮੇਡੀਅਨ ਮੈਕਕਿਨੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਨਕਲ ਕਰਦੇ ਹੋਏ ਸਟੇਜ ’ਤੇ ਪਹੁੰਚੇ। ਮਾਰਕ ਕ੍ਰਿਚ ਫਿਰ ਟਰੰਪ ਦੀ ਨਕਲ ਕਰਦੇ ਹੋਏ ਸਟੇਜ਼ ’ਤੇ ਪਹੁੰਚੇ।

ਕ੍ਰਿਚ ਨੇ ਟਰੰਪ ਦੇ ਖਾਸ ਅੰਦਾਜ਼ ਵਿਚ ਜ਼ੋਰਦਾਰ ਢੰਗ ਨਾਲ ਹੱਥ ਮਿਲਾਉਣ ਦੀ ਨਕਲ ਕੀਤੀ ਅਤੇ ਸਟੇਜ ’ਤੇ ਕਾਰਨੀ ਅਤੇ ਮੈਕਕਿਨੀ ਨਾਲ ਹੱਥ ਮਿਲਾਇਆ। ਕਾਰਨੀ ਨੇ ਟਰੰਪ ਤੇ ਓਵਲ ਦਫਤਰ (ਅਮਰੀਕੀ ਰਾਸ਼ਟਰਪਤੀ ਦਾ ਅਧਿਕਾਰਤ ਦਫਤਰ) ਦੇ ਸ਼ਾਨਦਾਰ ਨਵੀਨੀਕਰਨ ’ਤੇ ਵੀ ਵਿਅੰਗ ਕੀਤਾ। ਉਸ ਨੇ ਕਿਹਾ ਕਿ ਇੱਥੇ ਬੈਠੇ ਲੋਕਾਂ ਨੂੰ ਹਸਾਉਣਾ ਅਸਾਨ ਨਹੀਂ ਹੈ ਅਤੇ ਮੈਂ ਓਵਲ ਦਫਤਰ ਵੀ ਗਿਆ ਹਾਂ। ਇਸ ਸਮਾਗਮ ਵਿਚ ਕੰਸਰਵੇਟਿਵ ਵਿਰੋਧੀ ਧਿਰ ਦੇ ਆਗੂ ਪੀਅਰੇ ਪੋਇਲੀਵਰੇ ਨੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕੀ ਪੌਪ ਸਟਾਰ ਕੇਟੀ ਪੈਰੀ ਦੇ ਰਿਸ਼ਤੇ ’ਤੇ ਨਿਸ਼ਾਨਾ ਸਾਧਿਆ।

Originally published in Frequency News on November 23, 2026: original article