ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਦਾ 2026 ਦਾ ਬਜਟ ਸੰਸਦ ’ਚ ਪਾਸ

ਕੈਨੇਡਾ ’ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਦਾ 2026 ਦਾ ਫੈਡਰਲ ਬਜਟ ਹਾਊਸ ਆਫ ਕਾਮਨਜ਼ ਵਿੱਚ ਪਾਸ ਹੋ ਗਿਆ ਹੈ। ਵੀਰਵਾਰ ਨੂੰ ਹੋਈ ਵੋਟਿੰਗ ਦੌਰਾਨ ਬਜਟ ਦੇ ਹੱਕ ਵਿੱਚ 162 ਅਤੇ ਵਿਰੋਧ ਵਿੱਚ 151 ਵੋਟਾਂ ਪਈਆਂ। ਬਜਟ ਪਾਸ ਹੋਣ ਦਾ ਐਲਾਨ ਹੁੰਦਿਆਂ ਹੀ ਲਿਬਰਲ ਸੰਸਦ ਮੈਂਬਰਾਂ ਨੇ ਖੁਸ਼ੀ ਮਨਾਈ। ਜ਼ਿਕਰਯੋਗ ਹੈ ਕਿ ਲੰਘੀ 5 ਨਵੰਬਰ ਨੂੰ ਪੇਸ਼ ਕੀਤੇ ਗਏ ਇਸ ਬਜਟ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਨਵੇਂ ਨਿਰਮਾਣ ਕਾਰਜਾਂ ਅਤੇ ਕਾਰੋਬਾਰੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਅਰਬਾਂ ਡਾਲਰ ਖਰਚਣ ਦੀ ਯੋਜਨਾ ਹੈ। ਇਸ ਦੇ ਨਾਲ ਹੀ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਗਰੋਸਰੀ ਅਤੇ ਜ਼ਰੂਰੀ ਵਸਤਾਂ ਦੀ ਸਹਾਇਤਾ ਵਧਾਉਣ, ਬੇਘਰ ਲੋਕਾਂ ਦੀ ਮਦਦ ਅਤੇ ਸੱਭਿਆਚਾਰਕ ਖੇਤਰ ਨੂੰ ਸਹਾਰਾ ਦੇਣ ਦੇ ਮਤੇ ਵੀ ਸ਼ਾਮਲ ਹਨ।

ਕੈਨੇਡਾ ਦੇ ਵਿੱਤ ਮੰਤਰੀ ਫਰਾਂਸਵਾ-ਫਿਲਿਪ ਸ਼ੈਂਪੇਨ ਨੇ ਕਿਹਾ ਕਿ ਦੇਸ਼ ਦੇ ਭਵਿੱਖ ਅਤੇ ਆਰਥਿਕ ਵਿਕਾਸ ਲਈ ਨਿਵੇਸ਼ ਕਰਨਾ ਜ਼ਰੂਰੀ ਹੈ। ਦੂਜੇ ਪਾਸੇ, ਕੰਸਰਵੇਟਿਵ ਆਗੂ ਪੀਏਰ ਪੋਲੀਏਵ ਨੇ ਬਜਟ ਵਿੱਚ ਵਧੇਰੇ ਕਰਜ਼ਾ ਲੈਣ ਦੀ ਯੋਜਨਾ ਦਾ ਵਿਰੋਧ ਕਰਦਿਆਂ ਕਿਹਾ ਕਿ ਇਸਦਾ ਬੋਝ ਆਮ ਕੈਨੇਡੀਅਨਾਂ ’ਤੇ ਪਵੇਗਾ। ਨਿਊ ਡੈਮੋਕ੍ਰੇਟਿਕ ਪਾਰਟੀ ਅਤੇ ਬਲਾਕ ਕਿਊਬੈਕੁਆ ਨੇ ਵੀ ਬਜਟ ਦੀ ਆਲੋਚਨਾ ਕੀਤੀ ਹੈ। ਹਾਲਾਂਕਿ ਲਿਬਰਲ ਪਾਰਟੀ ਕੋਲ ਹੁਣ ਸੰਸਦ ਵਿੱਚ ਬਹੁਮਤ ਹੋਣ ਕਾਰਨ ਸਰਕਾਰ ਲਈ ਬਜਟ ਪਾਸ ਕਰਵਾਉਣਾ ਸੰਭਵ ਹੋਇਆ ਹੈ। ਬਜਟ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਲਾਗੂ ਕਰਨ ਲਈ ਹੁਣ ਹੋਰ ਵਿਧਾਨਕ ਪ੍ਰਕਿਰਿਆਵਾਂ ਪੂਰੀਆਂ ਕਰਨੀਆਂ ਪੈਣਗੀਆਂ।

Originally published in Frequency News on November 20, 2026: original article