ਦੂਜੀ ਆਲਮੀ ਜੰਗ ਦੌਰਾਨ ਬ੍ਰਿਟਿਸ਼ ਫ਼ੌਜ ਦਾ ਹਿੱਸਾ ਰਹਿੰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਿੱਖ ਸੈਨਿਕਾਂ ਦੀ ਯਾਦ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਬ੍ਰਿਟੇਨ ਤੋਂ ਫ਼ੌਜੀ ਅਧਿਕਾਰੀਆਂ ਦਾ ਇੱਕ ਵਫ਼ਦ ਅੰਮ੍ਰਿਤਸਰ ਅਤੇ ਚੰਡੀਗੜ੍ਹ ਪੁੱਜਿਆ। ਬ੍ਰਿਟਿਸ਼ ਫ਼ੌਜ ਦੇ ਫੀਲਡ ਸਰਵਿਸਿਜ਼ ਦੇ ਡਿਪਟੀ ਕਮਾਂਡਰ ਮੇਜਰ ਜਨਰਲ ਜੌਨ ਕੇਂਡਲ ਦੀ ਅਗਵਾਈ ਹੇਠ ਆਏ ਇਸ ਵਫ਼ਦ ਨੇ ਯਾਦਗਾਰੀ ਦਿਵਸ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਸਿੱਖ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ।

ਇਹ ਸਮਾਗਮ ਸਾਰਾਗੜ੍ਹੀ ਫਾਊਂਡੇਸ਼ਨ, ਸ਼ਹੀਦ ਵੈਲਫੇਅਰ ਸੁਸਾਇਟੀ ਅਤੇ ਵਰਲਡ ਸਿੱਖ ਸੋਲਜਰਜ਼ ਯਾਦਗਾਰ ਕਮੇਟੀ (ਇਟਲੀ) ਵੱਲੋਂ ਸਾਂਝੇ ਤੌਰ ’ਤੇ ਜੰਡਿਆਲਾ ਗੁਰੂ ਸਥਿਤ ਸੇਂਟ ਸੋਲਜਰ ਐਲੀਟ ਕਾਨਵੈਂਟ ਸਕੂਲ ਅਤੇ ਸੁਲਤਾਨਵਿੰਡ ਵਿਖੇ ਕਰਵਾਏ ਗਏ। ਜੰਡਿਆਲਾ ਗੁਰੂ ਦੇ ਸਕੂਲ ਵਿੱਚ ਹੋਏ ਸਮਾਗਮ ਦੀ ਪ੍ਰਧਾਨਗੀ ਸਾਰਾਗੜ੍ਹੀ ਫਾਊਂਡੇਸ਼ਨ ਦੇ ਪ੍ਰਧਾਨ ਡਾ. ਗੁਰਿੰਦਰਪਾਲ ਸਿੰਘ ਜੋਸਨ ਨੇ ਕੀਤੀ। ਇਸ ਮੌਕੇ ਮੇਜਰ ਜਨਰਲ ਜੌਨ ਕੇਂਡਲ, ਲੈਫਟੀਨੈਂਟ ਕਰਨਲ ਐਲਿਸ ਆਰਚਰ ਅਤੇ ਉਨ੍ਹਾਂ ਦੇ ਵਫ਼ਦ ਦੇ ਹੋਰ ਮੈਂਬਰ ਵੀ ਮੌਜੂਦ ਸਨ। ਸਮਾਗਮ ਵਿੱਚ ਭਾਰਤੀ ਫ਼ੌਜ ਦੇ ਕਈ ਅਧਿਕਾਰੀਆਂ ਤੋਂ ਇਲਾਵਾ ਦੂਜੀ ਆਲਮੀ ਜੰਗ ਦੌਰਾਨ ਯੂਰਪ ਵਿੱਚ ਬ੍ਰਿਟਿਸ਼ ਫ਼ੌਜੀ ਮੁਹਿੰਮਾਂ ਦਾ ਹਿੱਸਾ ਰਹੇ ਸਿੱਖ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ।

ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਦੀ ਅਗਵਾਈ ਹੇਠ ਪ੍ਰਬੰਧਕਾਂ ਨੇ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਸਮਾਗਮ ਨੂੰ ਖ਼ਾਸ ਰੰਗਤ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਭੰਗੜਾ, ਗਿੱਧਾ ਅਤੇ ਸਾਰਾਗੜ੍ਹੀ ਦੀ ਜੰਗ ’ਤੇ ਆਧਾਰਿਤ ਨਾਟਕ ਪੇਸ਼ ਕੀਤਾ ਗਿਆ।

ਅੰਮ੍ਰਿਤਸਰ ਦੇ ਬਾਹਰਵਾਰ ਵਸੇ ਪਿੰਡ ਸੁਲਤਾਨਵਿੰਡ ਵਿਖੇ ਹੋਏ ਸਮਾਗਮ ਦੌਰਾਨ ਇਸ ਪਿੰਡ ਵਿੱਚੋਂ ਬ੍ਰਿਟਿਸ਼ ਫ਼ੌਜ ਵਿੱਚ ਭਰਤੀ ਹੋ ਕੇ ਜੰਗ ਵਿੱਚ ਗਏ 135 ਸੈਨਿਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ ਸੱਤ ਸੈਨਿਕਾਂ ਨੇ ਜੰਗ ਦੌਰਾਨ ਸ਼ਹਾਦਤ ਦਾ ਜਾਮ ਪੀਤਾ ਸੀ। ਬੰਤਾ ਸਿੰਘ, ਪਾਲ ਸਿੰਘ ਪਹਿਲਾ, ਪਾਲ ਸਿੰਘ ਦੂਜਾ, ਸਰਮੁਖ ਸਿੰਘ ਅਤੇ ਠਾਕੁਰ ਸਿੰਘ ਬਸਰਾ ਵਿਖੇ ਸ਼ਹੀਦ ਹੋਏ ਸਨ, ਜਦਕਿ ਜਗਤ ਸਿੰਘ ਅਤੇ ਬੰਤਾ ਸਿੰਘ ਨੇ ਮੱਧ ਪੂਰਬ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ।

ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਵਰਲਡ ਸਿੱਖ ਸੋਲਜਰਜ਼ ਯਾਦਗਾਰ ਸੁਸਾਇਟੀ ਦੇ ਪ੍ਰਿਥੀਪਾਲ ਸਿੰਘ, ਕਮਲਜੀਤ ਕੌਰ ਅਤੇ ਸੇਵਾ ਸਿੰਘ ਫ਼ੌਜੀ ਵਿਸ਼ੇਸ਼ ਤੌਰ ’ਤੇ ਇਟਲੀ ਤੋਂ ਪੁੱਜੇ। ਉਨ੍ਹਾਂ ਦੇ ਨਾਲ ਪੰਜਾਬ, ਹਰਿਆਣਾ ਅਤੇ ਦੁਨੀਆ ਦੇ ਹੋਰਨਾਂ ਹਿੱਸਿਆਂ ਤੋਂ ਆਏ ਕਈ ਹੋਰ ਵਿਅਕਤੀਆਂ ਨੇ ਵੀ ਸਮਾਗਮਾਂ ਵਿੱਚ ਹਾਜ਼ਰੀ ਭਰੀ।

Originally published in New India Abroad on November 23, 2026: original article